(ਭਾਈ) ਵੀਰ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

(ਭਾਈ) ਵੀਰ ਸਿੰਘ (1872–1958) : ਪੰਜਾਬੀ ਦੇ ਇਸ ਮਹਾਨ ਕਵੀ ਜਿਸ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ, ਦਾ ਜਨਮ 5 ਦਸੰਬਰ 1872 ਵਿੱਚ ਅੰਮ੍ਰਿਤਸਰ ਵਿਖੇ ਚਰਨ ਸਿੰਘ ਦੇ ਘਰ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਹਿੰਦੀ, ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਵਿਦਵਾਨ ਸਨ ਤੇ ਸਿੰਘ ਸਭਾ ਲਹਿਰ ਦੇ ਸੰਚਾਲਕਾਂ ਵਿੱਚੋਂ ਇੱਕ ਸਨ। ਪਿਤਾ ਦੀ ਸ਼ਖ਼ਸੀਅਤ ਦਾ ਭਾਈ ਵੀਰ ਸਿੰਘ ’ਤੇ ਡੂੰਘਾ ਪ੍ਰਭਾਵ ਪਿਆ। 1891 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਹੀ ਉਹ ਪੰਜਾਬ ਦੀਆਂ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਬਣ ਗਏ। 1893 ਵਿੱਚ ਉਸ ਨੇ ਖ਼ਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। 1898 ਵਿੱਚ ਵਜ਼ੀਰ ਹਿੰਦ ਪ੍ਰੈਸ ਖੋਲ੍ਹਿਆ ਤੇ 1899 ਵਿੱਚ ਖਾਲਸਾ ਸਮਾਚਾਰ ਸਪਤਾਹਿਕ ਪੱਤਰ ਜਾਰੀ ਕੀਤਾ। ਇਸੇ ਸਾਲ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਸੁੰਦਰੀ’ਪ੍ਰਕਾਸ਼ਿਤ ਹੋਇਆ। 1901 ਵਿੱਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ, 1908 ਵਿੱਚ ਸਿੱਖ ਵਿੱਦਿਅਕ ਕਾਨਫਰੰਸ ਦਾ ਅਰੰਭ, 1920 ਵਿੱਚ ਹਰੀਜਨ ਸੁਧਾਰ, 1936 ਵਿੱਚ ਸ੍ਰੀ ਹੇਮਕੁੰਟ ਗੁਰਦੁਆਰਾ ਦੀ ਸਥਾਪਨਾ ਅਤੇ ਇਸੇ ਤਰ੍ਹਾਂ ਕਈ ਹੋਰ ਲਹਿਰਾਂ ਨਾਲ ਜੁੜੇ ਰਹੇ। ਜੀਵਨ ਦਾ ਵਧੇਰੇ ਸਮਾਂ ਪੰਜਾਬੀ ਵਿੱਚ ਸਾਹਿਤ ਰਚਨਾ ਵੱਲ ਲਾਇਆ ਅਤੇ ਸਾਹਿਤ ਦੀ ਹਰ ਵਿਧਾ ਵਿੱਚ ਸਾਹਿਤ ਰਚ ਕੇ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਬੰਨ੍ਹਣ ਦੇ ਨਾਲ-ਨਾਲ ਆਪਣੇ ਸਮਕਾਲੀਆਂ ਨੂੰ ਪੰਜਾਬੀ ਵਿੱਚ ਸਾਹਿਤ ਰਚਨਾ ਕਰਨ ਲਈ ਪ੍ਰੇਰਿਆ।

     ਰਾਣਾ ਸੂਰਤ ਸਿੰਘ (ਮਹਾਂਕਾਵਿ), ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ ਮਹੇਲੀ ਦਾ ਬਾਰਾਂਮਾਹ, ਮੇਰੇ ਸਾਈਆਂ ਜੀਓ ਭਾਈ ਵੀਰ ਸਿੰਘ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਸੁੰਦਰੀ, ਸਤਵੰਤ ਕੌਰ, ਬਿਜੈ ਸਿੰਘ, ਬਾਬਾ ਨੌਧ ਸਿੰਘ ਉਹਨਾਂ ਵੱਲੋਂ ਰਚਿਤ ਨਾਵਲ ਅਤੇ ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਕਲਗੀਧਰ ਚਮਤਕਾਰ ਗੱਦ ਰਚਨਾਵਾਂ ਹਨ। ਇਹਨਾਂ ਤੋਂ ਇਲਾਵਾ ਭਾਈ ਵੀਰ ਸਿੰਘ ਨੇ ਖੋਜ ਸੰਪਾਦਨਾ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਕਾਰਜ ਕੀਤਾ। ਪੁਰਾਤਨ ਜਨਮਸਾਖੀ, ਕਬਿਤ, ਸਵਈਏ ਭਾਈ ਗੁਰਦਾਸ, ਜੀਵਨ ਭਾਈ ਗੁਰਦਾਸ, ਭਗਤ ਰਤਨਾਵਲੀ, ਗੁਰ ਪ੍ਰਤਾਪ ਸੂਰਜ ਗ੍ਰੰਥ, ਗੁਰੂ ਗ੍ਰੰਥ ਕੋਸ਼, ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ (6 ਭਾਗ) ਪੰਜਾਬੀ ਗ੍ਰੰਥ ਸਟੀਕ ਆਦਿ ਉਹਨਾਂ ਦੀ ਖੋਜ ਸੰਪਾਦਨਾ ਨਾਲ ਸੰਬੰਧਿਤ ਹਨ।

     ਗੁਣਾਤਮਿਕ ਅਤੇ ਗਿਣਨਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਹੋਣ ਕਰ ਕੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਅਤੇ ਅਦਾਰਿਆਂ ਵੱਲੋਂ ਭਾਈ ਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ। ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਨੇ 1951 ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੂੰ ਹੀ ਸਨਮਾਨਿਤ ਕੀਤਾ। ਭਾਰਤੀ ਸਾਹਿਤ ਅਕਾਦਮੀ ਵੱਲੋਂ ਮੇਰੇ ਸਾਈਆਂ ਜੀਓ ਪੁਸਤਕ ਤੇ ਪੁਰਸਕਾਰ ਦਿੱਤਾ ਗਿਆ। 1952 ਵਿੱਚ ਉਹਨਾਂ ਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਸੰਨ 1954 ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਭਾਰਤ ਸਰਕਾਰ ਨੇ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ।

     ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਬੰਨ੍ਹਦਿਆਂ ਭਾਈ ਵੀਰ ਸਿੰਘ ਨੇ ਛੋਟੀਆਂ-ਛੋਟੀਆਂ ਕਵਿਤਾਵਾਂ ਵੀ ਲਿਖੀਆਂ ਅਤੇ ਲੰਬੀਆਂ ਵੀ। ਇਹਨਾਂ ਕਵਿਤਾਵਾਂ ਵਿੱਚ ਉਸ ਨੇ ਨਵੇਂ ਛੰਦਾਂ ਅਤੇ ਨਿੱਕੀਆਂ ਬਹਿਰਾਂ ਦਾ ਅਤੇ ਰੁਬਾਈ ਦਾ ਸਫਲ ਪ੍ਰਯੋਗ ਕੀਤਾ। ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਗੁਰਮਤਿ ਰਹੱਸਵਾਦ ਤੇ ਛਾਯਾਵਾਦ, ਸੂਖਮ ਖ਼ਿਆਲੀ, ਉੱਚ ਉਡਾਰੀ, ਪ੍ਰਕਿਰਤੀ ਚਿਤਰਨ, ਸ਼ਬਦ ਅਨੁਪ੍ਰਾਸ ਮਾਨਵੀਕਰਨ ਅਤੇ ਅਲੰਕਾਰਾਂ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ। ਭਾਈ ਵੀਰ ਸਿੰਘ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ। ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ ਕਾਵਿ-ਸੰਗ੍ਰਹਿ ਛੋਟੀਆਂ-ਛੋਟੀਆਂ ਤੇ ਹਲਕੀਆਂ- ਫੁਲਕੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ ਜਿਨ੍ਹਾਂ ਵਿੱਚ ਰੁਬਾਈ ਕਾਵਿ ਰੂਪ ਦਾ ਸਫਲ ਪ੍ਰਯੋਗ ਕੀਤਾ ਗਿਆ ਹੈ। ਮਿਸਾਲ ਵਜੋਂ ਕਵਿਤਾ ਦੀਆਂ ਸਤਰਾਂ ਹਨ ਜਿਨ੍ਹਾਂ ਵਿੱਚ ਕਵੀ ਨੇ ਇਲਾਹੀ ਮੁਹਬਤ ਅਤੇ ਨੂਰਾਨੀ ਸੂਰਤ ਲਈ ਖਿੱਚ ਤੇ ਛੂਹ ਨੂੰ ਇਵੇਂ ਅਨੁਭਵ ਕੀਤਾ ਹੈ:

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ,

ਅਸਾਂ ਧਾ ਗਲਵਕੜੀ ਪਾਈ।

ਨਿਰਾ ਨੂਰ ਤੁਸੀਂ ਹੱਥ ਨਾ ਆਏ,

ਸਾਡੀ ਕੰਬਦੀ ਰਹੀ ਕਲਾਈ।

ਧਾ ਚਰਨਾਂ ਤੇ ਸੀਸ ਨਿਵਾਇਆ,

ਸਾਡੇ ਮੱਥੇ ਛੋਹ ਨਾ ਪਾਈ।

ਤੁਸੀਂ ਉਚੇ ਅਸੀਂ ਨੀਵੇਂ ਸਾਂ

          ਸਾਡੀ ਪੇਸ਼ ਨਾ ਗਈਆਂ ਕਾਈ।

     ਮਹਾਂਕਾਵਿ ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਦੀ ਪਹਿਲੀ ਕਾਵਿ ਰਚਨਾ ਹੈ ਜੋ 1905 ਵਿੱਚ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਹੋਈ। ਇਸ ਮਹਾਂਕਾਵਿ ਵਿੱਚ ਕਵੀ ਨੇ ‘ਸਿਰਖੰਡੀ ਛੰਦ’ ਦੀ ਵਰਤੋਂ ਕੀਤੀ ਹੈ। ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਲਾਲਾ ਕਿਰਪਾ ਸਾਗਰ ਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਅੱਗੇ ਤੋਰਿਆ।

     ਬਹੁਪੱਖੀ ਪ੍ਰਤਿਭਾ ਦੇ ਮਾਲਕ ਭਾਈ ਵੀਰ ਸਿੰਘ ਨੇ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਨਾਵਲ ਲਿਖ ਕੇ ਸਿੱਖੀ ਆਚਰਨ ਦੀ ਉੱਚਤਾ ਦਰਸਾਉਣ ਦੇ ਆਪਣੇ ਮੁੱਖ ਉਦੇਸ਼ ਨੂੰ ਪੂਰਾ ਕੀਤਾ ਹੈ। ਇਹ ਨਾਵਲ ਸਿੱਖ ਮਨਾਂ ਨੂੰ ਸਿੱਖ ਇਤਿਹਾਸ ਜਾਣਨ ਲਈ ਪ੍ਰੇਰਿਤ ਕਰਦੇ ਹਨ। ਇਹ ਨਾਵਲ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਬੰਨ੍ਹਦੇ ਹੋਏ ਆਉਣ ਵਾਲੇ ਸਾਹਿਤਕਾਰਾਂ ਲਈ ਦਿਸ਼ਾ ਨਿਰਦੇਸ਼ ਕਰਦੇ ਹਨ।

     ਆਧੁਨਿਕ ਕਵਿਤਾ ਵਾਂਗ ਆਧੁਨਿਕ ਵਾਰਤਕ ਦਾ ਮੋਢੀ ਵੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਨੇ ਸਿੱਖ ਧਰਮ ਅਤੇ ਇਤਿਹਾਸ ਦੀ ਸ਼ਰਧਾਮਈ ਵਿਆਖਿਆ ਬਹੁਤ ਹੀ ਸਰਲ, ਸਾਦਾ, ਅਲੰਕਾਰਮਈ ਤੇ ਦ੍ਰਿਸ਼ਟਾਂਤ ਪੂਰਨ ਭਾਸ਼ਾ ਵਿੱਚ ਕੀਤੀ। ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟ ਗੁਰੂ ਚਮਤਕਾਰ ਅਤੇ ਹੋਰ ਪੁਸਤਕਾਂ ਇਸ ਦਾ ਸਪਸ਼ਟ ਪ੍ਰਮਾਣ ਹਨ। ਲੋਕ-ਪ੍ਰਿਆ ਵਾਰਤਾਕਾਰ ਹੋਣ ਦੇ ਨਾਲ- ਨਾਲ ਭਾਈ ਵੀਰ ਸਿੰਘ ਚੰਗੇ ਕੋਸ਼ਕਾਰ ਅਤੇ ਸੰਪਾਦਕ ਵੀ ਸਨ। ਸ੍ਰੀ ਗੁਰੂ ਗ੍ਰੰਥ ਕੋਸ਼, ਗੁਰਪ੍ਰਤਾਪ ਸੂਰਜ ਗ੍ਰੰਥ, ਕਬਿਤ, ਸਵਈਏ ਭਾਈ ਗੁਰਦਾਸ, ਪੁਰਾਤਨ ਜਨਮ ਸਾਖੀ, ਸਿੱਖਾਂ ਦੀ ਭਗਤਮਾਲਾ ਅਤੇ ਗਿਆਨ ਰਤਨਾਵਲੀ (ਭਾਈ ਮਨੀ ਸਿੰਘ) ਆਦਿ ਗ੍ਰੰਥਾਂ ਦਾ ਸੰਪਾਦਨ ਕੀਤਾ। ਅੱਧੀ ਸਦੀ ਤੋਂ ਵਧੇਰੇ ਪੰਜਾਬੀ ਸਾਹਿਤ ਦੀ ਮਹਾਨ ਸੇਵਾ ਕਰ ਕੇ ਇਹ ਸੁਪ੍ਰਸਿਧ ਸੰਤ ਕਵੀ ਤੇ ਚਿੰਤਕ ਦਾ 10 ਜੂਨ 1958 ਨੂੰ ਦਿਹਾਂਤ ਹੋ ਗਿਆ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 40694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਭਾਈ ਸਾਹਿਬ ਜੀ ਦੇ ਅਕਾਲ ਚਲਾਣੇ ਦੀ ਮਿਤੀ 10 ਜੂਨ 1957 ਹੈ ।


Gurpreet singh, ( 2018/05/27 12:4154)

ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਜੋ ਇਹ ਗੁਰ ਤੇ ਸਿੱਖ ਇਤਿਹਾਸ ਸਬੰਧੀ ਸੰਖੇਪ ਵਿਚ ਲੇਖ ਦਿੱਤੇ ਹਨ, ਇਹ ਬਹੁਤ ਵਧੀਆ ਉਪਰਾਲਾ ਤੇ ਸਲਾਹੁਣਯੋਗ ਕਾਰਜ ਹੈ, ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਬਖਸ਼ੇ ਤਾਂ ਕਿ ਆਪ ਜੀ ਇਸੇ ਤਰ੍ਹਾਂ ਸਿੱਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕਰਦੇ ਰਹੋ। ਧੰਨਵਾਦ ਸਹਿਤ - ਨਿਰਵੈਲ ਸਿੰਘ 7717588073, ਗੁ: ਬੜੂ ਸਾਹਿਬ।


Nirvail Singh, ( 2020/10/08 10:4230)

ਪਾਸ਼


Ravi Singh, ( 2022/08/22 03:5430)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.